Sunday, September 6, 2015

ਸਮਾਜ ਲਈ ਗੰਭੀਰ ਸੁਆਲ ਹੈ ਫਿਲਮ ਰੁਪਿੰਦਰ ਗਾਂਧੀ: ਦ ਗੈਂਗਸਟਰ

ਪੰਜਾਬੀ ਸਿਨੇਮਾ ਲਈ ਨਵੇਂ ਰਾਹ ਖੋਲ੍ਹੇਗੀ ਇਹ ਫਿਲਮ: ਦਲਜੀਤ ਸਿੰਘ
ਇਹ ਫਿਲਮ ਖੜ੍ਹਾ ਕਰੇਗੀ ਦਰਸਕਾਂ ਦੇ ਮਨ ਵਿੱਚ ਸਵਾਲ: ਤਰਨ ਮਾਨ
ਲੁਧਿਆਣਾ: 5 ਸਤੰਬਰ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਜਦੋਂ ਸ਼ਰਾਫਤ ਹਾਰ ਜਾਂਦੀ ਹੈ ਤਾਂ ਭਾਵਨਾ ਪੈਦਾ ਹੁੰਦੀ ਹੈ ਸ਼ਰਾਫਤ ਛੋੜ ਦੀ ਮੈਨੇ। ਸਮਾਜ ਵਿੱਚ ਕਈ ਵਾਰ ਅਜਿਹੇ ਹਾਲਾਤ ਪੈਦਾ ਹੁੰਦੇ ਹਨ ਕਿ ਸ਼ਰਾਫਤ ਛੱਡ ਕੇ ਡੰਡਾ ਫੜਨਾ ਹੀ ਇੱਕੋ ਇੱਕ ਹੀਲੇ ਵਸੀਲਾ ਰਹਿ ਜਾਂਦਾ ਹੈ। ਬਦਮਾਸ਼ੀ ਦੇ ਖਿਲਾਫ਼ ਖੜਾ ਹੋਣ ਵਾਲਾ ਕਦੇ "ਭਾਈ" ਬਣ ਜਾਂਦਾ ਹੈ, ਕਦੇ "ਦਾਦਾ" ਅਤੇ "ਜੱਗਾ"। ਹਿੰਦੀ ਫਿਲਮਾਂ ਵਿੱਚ ਸਮਾਜ ਦੀਆਂ ਕੋੜੀਆਂ ਹਕੀਕਤਾਂ ਦਾ ਚਿਤਰਣ ਬੜੀ ਵਾਰ ਹੋਇਆ ਹੈ ਪਰ ਪੰਜਾਬੀ ਫਿਲਮਾਂ ਵਿੱਚ ਘੱਟ। ਐਲਾਨੀਆਂ ਢੰਗ ਨਾਲ ਇਸ ਨੂੰ ਲੈ ਕੇ ਆਈ ਹੈ ਦਲਜੀਤ ਸਿੰਘ ਅਤੇ ਤਰਨ ਮਾਨ ਦੀ ਟੀਮ। ਫਿਲਮ ਅਜੇ ਨਹੀਂ ਦੇਖੀ ਇਸ ਲਈ ਕੁਝ ਕਹਿਣਾ ਉਚਿਤ ਨਹੀਂ ਪਰ ਨਾਮ ਦੱਸਦਾ ਹੈ ਕਿ ਇਹ ਫਿਲਮ ਗੁੰਡਾਗਰਦੀ ਦੇ ਮੁਕਾਬਲੇ ਵਿੱਚ ਖੜੇ ਹੋਏ ਬਹਾਦਰ ਲੋਕਾਂ ਦੇ ਸੁਨੇਹੇ ਨੂੰ ਲੋਕਾਂ ਤੱਕ ਲੈ ਕੇ ਆ ਰਹੀ ਹੈ। ਬੱਬੂ ਮਾਨ ਦੇ ਹਿੱਟ ਹੋਏ ਗੀਤ--ਚੱਕ ਲੋ ਰਿਵਾਲਵਰ ਰਫਲਾਂ ਕਿ ਬਦਲਾ ਲੈਣਾ ਏ ਵਾਲੇ ਸੰਦੇਸ਼ ਨੂੰ ਅੱਗੇ ਤੋਰਨ ਵਿੱਚ ਇਹ ਫਿਲਮ ਮਦਦ ਕਰਦੀ ਜਾਪਦੀ ਹੈ। ਲਗਾਤਾਰ ਵਧ ਰਹੀਆਂ ਬੇਇਨਸਾਫੀਆਂ ਦੇ ਦੌਰ ਵਿੱਚ ਇਸ ਰਸਤੇ ਤੋਂ ਬਚ ਕੇ ਤੁਰਨ ਦਾ ਕੋਈ ਹੋਰ ਰਸਤਾ ਹੈ ਵੀ ਨਹੀਂ। 
ਇੱਕ ਕਾਂਗਰਸੀ ਪਰਿਵਾਰ ਵਿੱਚ 2 ਅਕਤੂਬਰ ਨੂੰ ਜਨਮੇ ਰੁਪਿੰਦਰ ਦਾ ਨਾਮ ਘਰ ਦੇ ਮੁਖੀ ਨੇ ਗਾਂਧੀ ਰੱਖਿਆ।  ਉਸ ਦਿਨ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਜੁ ਸੀ। "ਬਿਧ ਮਾਤਾ" ਨੇ ਇਹ ਦੇਖ ਕੇ ਮੁਸਕਰਾਹਟ ਛੱਡੀ ਹੋਣੀ ਹੈ-ਲੈ ਮੈਂ ਦੇਖਦੀ ਆਂ ਇਹ ਕਿਵੇਂ ਬਣਦੈ ਗਾਂਧੀ। ਹਾਲਾਤ ਅਤੇ ਸਮਾਜ ਨੇ ਇਸ ਗਾਂਧੀ ਦੇ ਹੱਥ ਕਦੋਂ ਬੰਦੂਕ ਫੜਾ ਦਿੱਤੀ ਕਿਸੇ ਨੂੰ ਪਤਾ ਨ ਲੱਗਿਆ। ਲੋਕਾਂ ਦੇ ਦਰਦ ਨੂੰ ਆਪਣਾ ਸਮਝਦਾ ਇਹ ਗਾਂਧੀ ਕਿਸੇ ਸਿਆਸੀ ਵਿਚਾਰਧਾਰਾ ਨਾਲ ਸਬੰਧਿਤ ਹੁੰਦਾ ਤਾਂ ਸ਼ਾਇਦ ਮਾਓਵਾਦੀ ਅਖਵਾ ਰਿਹਾ ਹੁੰਦਾ। ਵਿਚਾਰਾਂ ਤੋਂ ਬਿਨਾ ਚੁੱਕੀ ਬੰਦੂਕ ਨੇ ਉਸਨੂੰ  ਗੈਂਗਸਟਰ ਬਣਾ ਦਿੱਤਾ। ਜੱਗਾ ਡਾਕੂ ਵੀ ਸ਼ਾਇਦ ਇਹਨਾਂ ਹਾਲਾਤਾਂ ਦੀ ਉਪਜ ਹੋਵੇਗਾ। ਰੁਪਿੰਦਰ ਦੀ ਸ਼ਖਸੀਅਤ ਬੜੀ ਹਰਮਨ ਪਿਆਰੀ ਸੀ। ਉਸਦੇ ਪ੍ਰਸੰਸਕਾਂ ਨੇ ਉਸ ਦੇ ਨਾਮ ਨਾਲ ਸਟੂਡੈਂਟਸ ਯੂਨੀਅਨ ਬਣਾਈ ਤਾਂ ਉਹ ਵਿਸ਼ਾਲ ਹੁੰਦੀ ਚਲੀ ਗਈ।  ਗਾਂਧੀ ਗਰੁੱਪ ਆਫ਼ ਸਟੂਡੈਂਟਸ ਯੂਨੀਅਨ ਨਾਲ ਤਿੰਨ ਲੱਖ ਤੋਂ ਵਧੇਰੇ ਵਿਦਿਆਰਥੀ ਚੰਡੀਗੜ੍ਹ ਅਤੇ ਪੰਜਾਬ ਵਿੱਚ ਜੁੜੇ ਹੋਏ ਹਨ।
ਇੱਕ ਫੁੱਟਬਾਲ ਦਾ ਖਿਡਾਰੀ ਸਰਪੰਚ ਬਣਨ  ਦੇ ਨਾਲ ਨਾਲ ਬੰਦੂਕ ਕਿਓਂ ਚੁੱਕਦਾ ਹੈ ਇਸਦਾ ਜੁਆਬ ਸਮਾਜ ਨੂੰ ਦੇਣਾ ਚਾਹੀਦਾ ਹੈ? ਉਸਦੀ ਹਰਮਨ ਪਿਆਰਤਾ ਦੱਸਦੀ ਹੈ ਕਿ ਅੱਜ ਦੇ ਹਾਲਾਤ ਵਿੱਚ ਲੋਕ ਕਿਸ ਨੂੰ ਆਪਣਾ ਨਾਇਕ ਬਣਾਉਣਾ ਪਸੰਦ ਕਰਦੇ ਹਨ? ਕਤਲ ਹੋਣ ਤੋਂ 12 ਵਰ੍ਹਿਆਂ ਬਾਅਦ ਵੀ ਜੇ ਉਹ ਸ਼ਖਸ ਲੋਕਾਂ ਦੇ ਦਿਲਾਂ ਵਿੱਚ ਜਿਊਂਦਾ ਹੈ ਅਤੇ ਉਸ ਉੱਪਰ ਫਿਲਮ ਬਣਦੀ ਹੈ ਤਾਂ ਸੋਚਣਾ ਸਮਾਜ ਦੇ ਠੇਕੇਦਾਰਾਂ ਦਾ ਕੰਮ ਹੈ ਕਿ ਅਸੀਂ ਜੇ ਅਜਿਹੇ ਲੋਕ ਨਾਇਕਾਂ ਵੱਲ ਆਕਰਸ਼ਿਤ ਹਾਂ ਤਾਂ ਕਿਓਂ?  ਜਦੋਂ ਤੱਕ ਬੇਇਨਸਾਫੀਆਂ ਜਾਰੀ ਰਹਿਣਗੀਆਂ ਉਦੋਂ ਤੱਕ ਅਜਿਹੇ ਨਾਇਕ ਵੀ ਪੈਦਾ ਹੁੰਦੇ ਰਹਿਣਗੇ।  ਸਮਾਜ ਦੀ ਨਿੰਦਾ ਨਿਖੇਧੀ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। 
11 ਸਤੰਬਰ ਨੂੰ ਸਿਨੇਮਿਆਂ ਦਾ ਸਿੰਗਾਰ ਬਨਣ ਜਾ ਰਹੀ ਪੰਜਾਬੀ ਫਿਲਮ ਰੁਪਿੰਦਰ ਗਾਂਧੀ-ਦ ਗੈਂਗਸਟਰ ਦੀ ਸਮੁੱਚੀ ਟੀਮ ਅੱਜ ਇੱਥੇ ਪੱਤਰਕਾਰਾਂ ਦੇ ਰੂ-ਬ-ਰੂ ਹੋਈ ਨੌਜਵਾਨ ਨਿਰਦੇਸ.ਕ ਤਰਨ ਮਾਨ ਦੇ ਨਿਰਦੇਸ.ਨ ਹੇਠ ਬਣੀ ਇਸ ਫਿਲਮ ਦੇ ਪ੍ਰੋਡਿਊਸਰ ਦਲਜੀਤ ਸਿੰਘ ਬੋਲਾ, ਰਵਨੀਤ ਚਹਿਲ ਅਤੇ ਤਰਨਵੀਰ ਸਿੰਘ ਹਨ ਜਦਕਿ ਇਸ ਦੀ ਕਹਾਣੀ ਖੁਦ ਤਰਨ ਮਾਨ ਨੇ ਹੀ ਲਿਖੀ ਹੈ। ਫਿਲਮ ਵਿੱਚ ਮੁੱਖ ਭੂਮਿਕਾ ਦੇਵ ਖਰੋੜ ਅਤੇ ਕੂਲ ਸਿੱਧੂ ਨੇ ਨਿਭਾਈ ਹੈ।
ਫਿਲਮ ਦੇ ਸਬੰਧ ਵਿੱਚ ਗੱਲਬਾਤ ਕਰਦਿਆਂ ਤਰਨ ਮਾਨ ਨੇ ਕਿਹਾ ਕਿ ਫਿਲਮ ਦੇ ਨਾਮ ਤੋਂ ਹੀ ਸਪੱਸਟ ਹੈ ਕਿ ਇਹ ਫਿਲਮ ਦਰਸਕਾਂ ਲਈ ਇੱਕ ਸਵਾਲ ਖੜ੍ਹਾ ਕਰੇਗੀ ਅਤੇ ਉਨ੍ਹਾਂ ਨੇ ਖੁਦ ਹੀ ਫਿਲਮ ਦੇਖਣ ਤੋਂ ਬਾਅਦ ਫੈਸਲਾ ਲੈਣਾ ਹੈ ਕਿ ਫਿਲਮ ਵਿੱਚ ਆਖਿਰ ਕੀ ਦਿਖਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਫਿਲਮ ਵਿੱਚ ਦਿਖਾਏ ਹਰ ਸੀਨ ਨੂੰ ਇਸ ਹੱਦ ਤੱਕ ਕਲਾ ਦਾ ਇੱਕ ਨਮੂਨਾ ਬਣਾਇਆ ਗਿਆ ਹੈ ਜਿਸ ਨੂੰ ਹਰ ਇੱਕ ਦਰਸਕ ਗਹਿਰਾਈ ਨਾਲ ਦੇਖ ਕੇ ਫਿਲਮ ਦੀ ਅਸਲੀਅਤ ਨੂੰ ਜਾਨਣ ਦੀ ਕੋਸ਼ਿਸ਼ ਕਰਨ ਵਿੱਚ ਸਫਲ ਹੋਵੇਗਾ। 
ਉਨ੍ਹਾਂ ਕਿਹਾ ਕਿ ਡਰੀਮ ਰਿਅਲਟੀ ਮੂਵੀਜ ਦੀ ਪ੍ਰੋਡਕਸਨ ਇਹ ਫਿਲਮ ਪੰਜਾਬ ਦੇ ਖੰਨਾ ਇਲਾਕੇ ਨਾਲ ਸਬੰਧਤ ਇੱਕ ਪਿੰਡ ਦੇ ਸਰਪੰਚ ਰੁਪਿੰਦਰ ਸਿੰਘ ਗਾਂਧੀ ਦੀ ਸੱਚੀ ਕਹਾਣੀ ਤੇ ਅਧਾਰਿਤ ਹੈ, ਜਿਹੜਾ ਕਿ ਇੱਕ ਚੰਗਾ ਖਿਡਾਰੀ ਹੋਣ ਦੇ ਨਾਲ ਨਾਲ ਇੱਕ ਹੋਸਲੇ ਵਾਲਾ ਨੇਤਾ ਅਤੇ ਕਮਜੋਰ ਅਤੇ ਜਰੂਰਤਮੰਦ ਲੋਕਾਂ ਲਈ ਆਪਣੇ ਸੁਪਨੇ  ਵੀ ਤਿਆਗ ਦੇਣ ਵਾਲਾ ਸੀ। ਉਨ੍ਹਾਂ ਕਿਹਾ ਕਿ ਫਿਲਮ ਵਿੱਚ ਅਨੇਕਾਂ ਹੀ ਨੈਗੇਟਿਵ ਅਤੇ ਪੌਜੇਟਿਵ ਪੱਖ ਦੇਖਣ ਵਾਲੇ ਹਨ। ਹੁਣ ਦੇਖਣਾ ਹੈ ਕਿ ਫਿਲਮ ਦੇਖ ਕੇ ਕਿੰਨੇ ਕੁ ਲੋਕ ਰੁਪਿੰਦਰ ਗਾਂਧੀ ਦੇ ਰਸਤੇ ਤੇ ਤੁਰਦੇ ਹਨ ਅਤੇ ਕਿੰਨੇ ਕੁ ਇਸ ਰਸਤੇ ਤੋਂ ਬਿਨਾ ਕੋਈ ਹੋਰ ਰਾਹ ਲਭਦੇ ਹਨ? 

No comments:

Post a Comment